ਛੰਦਾਂ-ਰਾਗਾਂ ਨਾਲ ਸ਼ਿੰਗਾਰੀ, ਮਾਂ ਬੋਲੀ ਪੰਜਾਬੀ।
ਸਾਨੂੰ ਸਾਹਾਂ ਤੋਂ ਵੀ ਪਿਆਰੀ, ਮਾਂ ਬੋਲੀ ਪੰਜਾਬੀ।
ਪੌਣਾਂ ਵਿੱਚ ਸੁਗੰਧਾਂ ਘੋਲੇ, ਮਿਸਰੀ ਤੋਂ ਵੱਧ ਮਿੱਠੀ,
ਰਣਭੂਮੀ ਵਿੱਚ ਖ਼ੂਬ ਕਰਾਰੀ, ਮਾਂ ਬੋਲੀ ਪੰਜਾਬੀ।
ਰੱਬੀ ਬਾਣੀ ਬਣ ਕੇ ਕਰਦੀ ਦੂਰ ਮਨਾਂ ਦੇ ਨ੍ਹੇਰੇ,
ਨਾਨਕ, ਬੁੱਲ੍ਹੇ ਨੇ ਸਤਿਕਾਰੀ, ਮਾਂ ਬੋਲੀ ਪੰਜਾਬੀ।
ਹਰ ਬੋਲੀ ਹੀ ਸਿੱਖੋ, ਕੋਈ ਮਾੜੀ ਗੱਲ ਨਹੀਂ ਹੈ,
ਜੇ ਨਾ ਹੋਵੇ ਮਨੋਂ ਵਿਸਾਰੀ, ਮਾਂ ਬੋਲੀ ਪੰਜਾਬੀ।
ਚਾਰ ਜਮਾਤਾਂ ਪੜ੍ਹ ਜਾਵੇ ਜੋ, ਬੋਲਣ ਤੋਂ ਹੀ ਸੰਗੇ,
ਏਸ ਬਿਮਾਰੀ ਨੇ ਹੈ ਮਾਰੀ, ਮਾਂ ਬੋਲੀ ਪੰਜਾਬੀ।
ਚੁੱਪ-ਚੁਪੀਤੇ ਹੀ ਬਣ ਬੈਠੀ, ਅੰਗਰੇਜ਼ੀ ਪਟਰਾਣੀ,
ਭੋਗੇ ਹਾਕਮ ਦੀ ਹੁਸ਼ਿਆਰੀ, ਮਾਂ ਬੋਲੀ ਪੰਜਾਬੀ।
ਪੈਰਾਂ ਵਿੱਚ ਰੁਲੇ ਨਾ ਏਦਾਂ, ਸਿਰ ਦਾ ਤਾਜ਼ ਬਣਾਓ,
‘ਜ਼ਖ਼ਮੀ’ ਫੇਰ ਕਰੇ ਸਰਦਾਰੀ, ਮਾਂ ਬੋਲੀ ਪੰਜਾਬੀ।
ਲੇਖਕ : ਕਰਮ ਸਿੰਘ ਜ਼ਖ਼ਮੀ ਪ੍ਰਧਾਨ,
ਸੰਪਰਕ: 98146-28027