ਨਹੀਂ ਭੁੱਲਦੇ ਕਰਫਿਊ ਦੇ ਉਹ ਦਿਨ

Share on facebook
Facebook
Share on whatsapp
WhatsApp
Share on twitter
Twitter
Share on google
Google+
Share on email
Email

 

ਜਦ ਮੈਂ ਜਵਾਨ ਹੋਈ ਤਾਂ ਮੇਰੀ ਦਾਦੀ ਬੁੱਢੀ ਹੋ ਚੁੱਕੀ ਸੀ। ਆਪਣੇ ਰੁਝੇਵਿਆਂ, ਚੜ੍ਹਦੀ ਉਮਰ ਦੇ ਨਸ਼ੇ, ਕਾਲਜ ਦੇ ਰੰਗੀਨ ਦਿਨਾਂ ਅਤੇ ਆਉਣ ਵਾਲੀ ਜ਼ਿੰਦਗੀ ਦੇ ਹੁਸੀਨ ਸੁਪਨਿਆਂ ਕਾਰਨ ਸਾਡਾ ਕਦੇ ਦਾਦੀ ਦੀ ਢਲਦੀ ਹੋਈ ਉਮਰ ਵੱਲ ਧਿਆਨ ਹੀ ਨਹੀਂ ਸੀ ਜਾਂਦਾ। ਲੱਗਦਾ ਹੀ ਨਹੀਂ ਸੀ ਕਿ ਕਦੇ ਦਾਦੀ ਵੀ ਸਾਡੇ ਵਾਂਗੂ ਜਵਾਨ ਸੀ ਅਤੇ ਵਿਆਹ ਕੇ ਘੁੰਗਰੂਆਂ ਵਾਲੇ ਰੱਥ ਵਿਚ ਬੈਠ ਕੇ ਸਾਡੇ ਇਸ ਘਰ ਵਿਚ ਆਈ ਸੀ। ਸ਼ਾਇਦ ਉਦੋਂ ਸਾਡੇ ਅੱਜ ਦੇ ਚਿੱਟੀ ਦਾਹੜੀ ਵਾਲੇ ਦਾਦਾ ਜੀ ਨੇ ਇਸ ਗੋਰੀ-ਚਿੱਟੀ ਬਲੌਰੀ ਅੱਖਾਂ ਵਾਲੀ ਦਾਦੀ ਦੇ ਚਿਹਰੇ ਨੂੰ ਆਪਣੇ ਦੋਵਾਂ ਹੱਥਾਂ ਵਿਚ ਲੈ ਕੇ ਕਿਹਾ ਹੋਵੇਗਾ, ”ਵਾਹ ਇੰਦੀਏ (ਇੰਦ ਕੌਰ) ਤੂੰ ਤਾਂ ਚੰਨ ਤੋਂ ਵੀ ਸੋਹਣੀ ਲੱਗਦੀ ਪਈ ਏਂ। ਕਿੱਥੋਂ ਲਿਆਈ ਏਂ ਇਹ ਜੋਬਨ।” ਦਾਦੀ ਨੂੰ ਤਾਂ ਇਹ ਸਾਰਾ ਕੁਝ ਯਾਦ ਸੀ ਪਰ ਉਸ ਦੀਆਂ ਗੱਲਾਂ ਸੁਣਨ ਵਾਲਾ ਕੋਈ ਨਹੀਂ ਸੀ।
ਬਸ ਕਦੇ-ਕਦੇ ਉਹ ਆਪ-ਮੁਹਾਰੇ ਹੀ ਬੋਲਣ ਲੱਗ ਪੈਂਦੀ। ਖ਼ਾਸ ਤੌਰ ‘ਤੇ ਉਦੋਂ ਜਦੋਂ ਕਿਸੇ ਚੰਗੀ ਜਾਂ ਭੈੜੀ ਗੱਲ ਦੀ ਚਰਚਾ ਹੁੰਦੀ। ਜਦੋਂ ਇੰਦਰਾ ਗਾਂਧੀ ਨੇ 1975 ਵਿਚ ਐਮਰਜੈਂਸੀ ਲਗਾਈ ਸੀ ਅਤੇ ਕਰਫਿਊ ਲੱਗਿਆ ਕਰਦੇ ਸਨ ਤਾਂ ਦਾਦੀ ਕਿਹਾ ਕਰਦੀ ਸੀ, ”ਭਾਈ ਕਲਫੂ ਤਾਂ ਉਦੋਂ ਲੱਗਦੇ ਸੀ ਜਦੋਂ ਹੱਲੇ ਪਏ ਸਨ ਅਤੇ ਫਿਰ ਉਹ ਹੱਲਿਆਂ (ਪਾਰਟੀਸ਼ਨ) ਦੇ ਵੇਲੇ ਦੀ ਕੋਈ ਨਾ ਕੋਈ ਆਪਣੇ ਨਾਲ ਬੀਤੀ ਹੋਈ ਕਹਾਣੀ ਸੁਣਾਉਣ ਬਹਿ ਜਾਂਦੀ। ਦਾਦੀ ਤਾਂ ਆਪਣੇ ਨਾਲ ਬੀਤੀਆਂ ਹੋਈਆਂ ਘਟਨਾਵਾਂ ਸੁਣਾ ਕੇ ਤੁਰਦੀ ਹੋਈ। ਹੁਣ ਅਸੀਂ ਦਾਦੀ ਵਾਲੇ ਮੁਕਾਮ ‘ਤੇ ਪਹੁੰਚ ਕੇ ਆਪਣੇ ਬੱਚਿਆਂ ਨੂੰ ਆਪ-ਬੀਤੀਆਂ ਸੁਣਾਉਣ ਲੱਗ ਪਏ ਹਾਂ ਅਤੇ ਜਦੋਂ ਕਿ ਦਾਦੀ ਦੇ ਟਾਈਮ ਦਾ ਕਲਫੂ ਹੁਣ ਕਰਫਿਊ ਬਣ ਕੇ ਸਾਡੇ ਸਿਰਾਂ ‘ਤੇ ਮੰਡਰਾਉਣ ਲੱਗ ਪਿਆ ਹੈ ਤਾਂ ਮੈਨੂੰ 3 ਜੂਨ 1984 ਯਾਦ ਆਉਣ ਲੱਗ ਪਿਆ ਹੈ। ਮੇਰਾ ਜੀਅ ਕਰਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਉਸ ਟਾਈਮ ਦੇ ਕਰਫਿਊ ਦੀ ਕਹਾਣੀ ਸੁਣਾਵਾਂ।
ਮੇਰੀ ਉਦੋਂ ਨਵੀਂ-ਨਵੀਂ ਸ਼ਾਦੀ ਹੋਈ ਸੀ ਅਤੇ ਇਕ ਸਾਲ ਦਾ ਬੱਚਾ ਮੇਰੀ ਗੋਦੀ ਵਿਚ ਸੀ। ਅਸੀਂ ਉਦੋਂ ਮੋਹਾਲੀ ਵਿਚ ਨਵਾਂ ਘਰ ਬਣਾਇਆ ਸੀ। ਪਲਾਟ ਭਾਵੇਂ ਮੇਰੇ ਸਹੁਰਾ ਸਾਹਿਬ ਦੇ ਨਾਂ ‘ਤੇ ਸੀ ਪਰ ਇੱਥੇ ਅਸੀਂ ਇਕ ਛੋਟਾ ਜਿਹਾ ਘਰ ਬਣਾਉਣ ਲਈ ਦੋਵਾਂ ਨੇ ਆਪੋ-ਆਪਣੇ ਵਿਭਾਗ ਤੋਂ ਕਰਜ਼ਾ ਲੈ ਕੇ ਇਸ ਘਰ ਨੂੰ ਪੂਰਾ ਕਰ ਦਿੱਤਾ ਸੀ। ਪਤੀ ਦੇਵ ਦੀ ਇੱਛਾ ਸੀ ਕਿ ਇਸ ਘਰ ਦੇ ਗ੍ਰਹਿ ਪ੍ਰਵੇਸ਼ ਵਾਲੇ ਦਿਨ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਨੂੰ ਬੁਲਾਇਆ ਜਾਵੇ। ਅੱਤਵਾਦ ਦਾ ਦੌਰ ਸੀ। ਬੜਾ ਕੁਝ ਭੈੜਾ-ਭੈੜਾ ਹੁੰਦਾ ਰਹਿੰਦਾ ਸੀ ਪਰ ਜ਼ਿੰਦਗੀ ਚੱਲਦੀ ਰਹਿੰਦੀ ਸੀ।
ਅਸੀਂ ਅਖੰਡ ਪਾਠ ਸਾਹਿਬ ਦਾ ਭੋਗ ਤਿੰਨ ਜੂਨ 1984 ਦਾ ਰੱਖਿਆ। ਪਹਿਲਾਂ ਅਸੀਂ 2 ਜੂਨ ਕਾਰਡ ‘ਤੇ ਛਪਵਾਇਆ ਸੀ। ਪਤੀ ਨੇ ਕਿਹਾ ਕਿ ਭੋਗ ਤੋਂ ਬਾਅਦ ਅਸੀਂ ਰਾਤ ਨੂੰ ਦੋਸਤਾਂ-ਮਿੱਤਰਾਂ ਨਾਲ ਬੈਠ ਕੇ ਦਾਰੂ ਪੀਣੀ ਹੈ ਤੇ ਰੌਣਕ-ਮੇਲਾ ਕਰਾਂਗੇ ਪਰ ਮੈਨੂੰ ਉਦੋਂ ਦਾਰੂ ਤੋਂ ਬਹੁਤ ਨਫ਼ਰਤ ਸੀ। ਮੈਂ ਕਿਹਾ ਕਿ ਦਾਰੂ ਕੋਈ ਬਿਲਕੁਲ ਨਹੀਂ ਪੀਵੇਗਾ। ਨਾ ਭੋਗ ਤੋਂ ਪਹਿਲਾਂ ਨਾ ਬਾਅਦ ਵਿਚ। ਸੋ ਅਸੀਂ ਕਾਰਡ ਦੀ ਤਰੀਕ 2 ਕੱਟ ਕੇ ਤਿੰਨ ਕਰ ਕੇ ਕਾਰਡ ਵੰਡ ਦਿੱਤੇ। ਉਦੋਂ ਸਾਡੇ ਘਰ ਦੇ ਆਲੇ-ਦੁਆਲੇ ਕਈ ਪਲਾਟ ਖ਼ਾਲੀ ਪਏ ਸਨ। ਅਸੀਂ ਉੱਥੇ ਹੀ ਕਨਾਤਾਂ ਲਾ ਕੇ ਬੈਠਣ ਦਾ ਇੰਤਜ਼ਾਮ ਕਰ ਦਿੱਤਾ। ਕਈ ਰਿਸ਼ਤੇਦਾਰ ਤਾਂ ਪਹਿਲੇ ਦਿਨ ਸ਼ਨੀਵਾਰ ਨੂੰ ਹੀ ਸ਼ਾਮੀਂ ਆ ਗਏ। ਅਗਲੇ ਦਿਨ ਬੜੀ ਰੌਣਕ ਰਹੀ। ਸਭ ਲੋਕ ਬਹੁਤ ਖ਼ੁਸ਼ ਹੋਏ। ਖਾਣਾ ਵੀ ਵਧੀਆ ਸੀ ਅਤੇ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੇ ਵੀ ਬਹੁਤ ਵਧੀਆ। ਕੀਰਤਨ ਕੀਤਾ। ਸਭ ਨੇ ਆਨੰਦਪੂਰਵਕ ਲੰਗਰ ਛਕਿਆ ਅਤੇ ਖਾ-ਪੀ ਕੇ ਸਭ ਗੱਲਾਂ-ਬਾਤਾਂ ਮਾਰਦੇ ਇਕ-ਦੂਜੇ ਨੂੰ ਮਿਲ ਰਹੇ ਸਨ। ਅਚਾਨਕ ਕਰਫਿਊ ਤੁਰੰਤ ਲੱਗਣ ਦੀ ਅਨਾਊਂਸਮੈਂਟ ਹੋਣ ਲੱਗ ਪਈ। ਲੋਕਾਂ ਨੂੰ ਯਕੀਨ ਜਿਹਾ ਹੀ ਨਹੀਂ ਸੀ ਹੋ ਰਿਹਾ ਕਿ ਇਹ ਅਚਾਨਕ ਕੀ ਹੋ ਗਿਆ। ਪਰ ਮੇਰੇ ਪਤੀ ਅਤੇ ਕੁਝ ਹੋਰ ਸਿਆਣੇ ਬੰਦਿਆਂ ਨੇ ਇਸ ਗੱਲ ਦੀ ਗੰਭੀਰਤਾਪੂਵਕ ਪੁਸ਼ਟੀ ਕੀਤੀ ਅਤੇ ਮੇਰੇ ਪਤੀ ਨੇ ਸਾਰੇ ਰਿਸ਼ਤੇਦਾਰਾਂ ਦਾ ਧੰਨਵਾਦ ਕਰ ਕੇ ਹੱਥ ਜੋੜ ਕੇ ਉਨ੍ਹਾਂ ਨੂੰ ਤੁਰੰਤ ਆਪੋ-ਆਪਣੇ ਘਰ ਚਲੇ ਜਾਣ ਦੀ ਬੇਨਤੀ ਕੀਤੀ। ਅਗਲੇ ਅੱਧੇ ਘੰਟੇ ਵਿਚ ਸਭ ਲੋਕ ਚਲੇ ਗਏ। ਸਿਰਫ਼ ਅਸੀਂ 4 ਜਣੇ ਮੈਂ ਤੇ ਮੇਰਾ ਪਤੀ, ਛੋਟਾ ਬੱਚਾ ਅਤੇ ਸਾਡਾ ਨੇਪਾਲੀ ਨੌਕਰ ਚਾਚਾ ਹੀ ਰਹਿ ਗਏ। ਅਸੀਂ ਵੀ ਕਿਹੜਾ ਇੱਥੇ ਰਹਿਣਾ ਸੀ। ਅਸੀਂ ਤਾਂ ਸਿਰਫ਼ ਇਸ ਫੰਕਸ਼ਨ ਕਾਰਨ ਆਏ ਸਾਂ ਤੇ ਅਗਲੇ ਦਿਨ ਅਸੀਂ ਵੀ ਅੰਬਾਲਾ ਚਲੇ ਜਾਣਾ ਸੀ। ਸਾਡੇ ਕੋਲ ਇੱਥੇ ਰਹਿਣ ਲਈ ਪੂਰਾ ਸਾਮਾਨ ਵੀ ਨਹੀਂ ਸੀ ਕਿਉਂਕਿ ਭੋਗ ਦੇ ਵੇਲੇ ਦੀਆਂ ਬਚੀਆਂ ਹੋਈਆਂ ਸਬਜ਼ੀਆਂ ਅਤੇ ਮਠਿਆਈਆਂ ਅਸਓ ਪਹਿਲਾਂ ਹੀ ਰਿਸ਼ਤੇਦਾਰਾਂ ਨੂੰ ਵੰਡ ਚੁੱਕੇ ਸਾਂ।
ਬਸ ਫਿਰ ਤਾਂ ਅਸੀਂ ਆਪਣੇ ਉਸ ਨਵ ਜਨਮੇ ਓਪਰੇ ਸ਼ਹਿਰ ਦੇ ਉਪਰੇ ਘਰ ਵਿਚ ਕੈਦ ਹੋ ਗਏ। ਪੂਰੇ 12 ਦਿਨ ਅਸੀਂ ਉਸ ਘਰ ਵਿਚ ਰਹੇ ਅਤੇ ਫਿਰ ਪਤੀ ਦੇ ਇਕ ਪਬਲਿਕ ਰਿਲੇਸ਼ਨ ਅਫ਼ਸਰ ਦੋਸਤ ਨੇ ਸਾਨੂੰ ਉੱਥੋਂ ਕੱਢਿਆ। ਉਹ 12 ਦਿਨ ਮੈਂ ਕਦੇ ਨਹੀਂ ਭੁੱਲ ਸਕਦੀ ਹਾਲਾਂਕਿ ਸਾਡੇ ਪਾਸ ਸਾਡਾ ਆਪਣਾ ਘਰ ਸੀ ਅਤੇ ਸਾਡਾ ਪੂਰਾ ਟੱਬਰ ਉੱਥੇ ਸੀ। ਘਰ ਵਿਚ ਜ਼ਰੂਰਤ ਦੀਆਂ ਚੀਜ਼ਾਂ ਵੀ ਮੌਜੂਦ ਸਨ ਪਰ ਇਸ ਤਰ੍ਹਾਂ ਸਾਰਾ ਦਿਨ ਇੱਕੋ ਥਾਂ ਬੰਦ ਰਹਿਣਾ, ਬਾਹਰ ਨਾ ਨਿਕਲਣਾ, ਕਿਸੇ ਨਾਲ ਗੱਲ ਨਾ ਕਰਨਾ ਕਿੰਨਾ ਭਿਆਨਕ ਲੱਗਦਾ ਸੀ ਅਤੇ ਅੱਜ ਮੈਂ ਪਿਛਲੇ ਸਾਲ ਦੀ 21 ਮਾਰਚ ਨੂੰ ਲੱਗੇ ਅਚਾਨਕ ਕਰਫਿਊ ਦੀ ਬਾਬਤ ਸੋਚਦੀ ਹਾਂ ਕਿ ਬਿਨਾਂ ਕਿਸੇ ਸੂਚਨਾ ਦਿੱਤਿਆਂ ਭਾਰਤ ਸਰਕਾਰ ਨੇ ਕੁਝ ਘੰਟਿਆਂ ਵਿਚ ਹੀ ਸਾਰਾ ਕੁਝ ਬੰਦ ਕਰ ਦਿੱਤਾ ਸੀ।
ਸਰਕਾਰ ਜ਼ਰਾ ਉਨ੍ਹਾਂ ਲੋਕਾਂ ਬਾਬਤ ਸੋਚਦੀ ਜਿਨ੍ਹਾਂ ਨੇ ਅਗਲੇ ਦਿਨ ਦਿਹਾੜੀ ਕਰ ਕੇ 4 ਪੈਸੇ ਲਿਆ ਕੇ ਟੱਬਰ ਦਾ ਢਿੱਡ ਭਰਨਾ ਸੀ ਅਤੇ ਉਹ ਜਿਹੜੇ ਕਿਤੇ ਜਾਣ ਲਈ ਰਾਹਾਂ ਵਿਚ ਭਟਕ ਰਹੇ ਸਨ ਅਤੇ ਬਾਕੀ ਜਿਹੜੇ ਟੇਸ਼ਨਾਂ ਅਤੇ ਅੱਡਿਆਂ ‘ਤੇ ਬੈਠੇ ਤੁਰਨ ਵਾਲੀਆਂ ਗੱਡੀਆਂ ਤੇ ਬੱਸਾਂ ਦਾ ਇੰਤਜ਼ਾਰ ਕਰ ਰਹੇ ਸਨ। ਕਈਆਂ ਦੀਆਂ ਅਗਲੇ ਦਿਨ ਬਰਾਤਾਂ ਆਉਣੀਆਂ ਜਾਂ ਜਾਣੀਆਂ ਸਨ ਅਤੇ ਹਜ਼ਾਰਾਂ ਹੀ ਉਹ ਲੋਕ ਜਿਹੜੇ ਆਪਣੇ ਬਾਲ-ਬੱਚਿਆਂ ਨੂੰ ਛੱਡ ਕੇ ਪਰਦੇਸਾਂ ਵਿਚ ਬੈਠੇ ਸਨ। ਉਨ੍ਹਾਂ ‘ਤੇ ਕੀ ਬੀਤੀ ਹੋਣੀ ਹੈ।
ਮੈਂ ਸੋਚਦੀ ਹਾਂ ਕਿ ਕੀ ਗੌਰਮਿੰਟ ਨੂੰ ਇਨ੍ਹਾਂ ਨੂੰ ਥੋੜ੍ਹਾ ਵਕਤ ਨਹੀਂ ਸੀ ਦੇਣਾ ਚਾਹੀਦਾ ਤਾਂ ਜੋ ਉਹ ਆਪੋ-ਆਪਣੇ ਟਿਕਾਣਿਆਂ ‘ਤੇ ਪਹੁੰਚ ਜਾਂਦੇ। ਭਾਵੇਂ ਕਿ ਸਰਕਾਰ ਲਈ ਅਜਿਹਾ ਕਰਨਾ ਜ਼ਰੂਰੀ ਸੀ ਪਰ ਇਸ ਦੀ ਕੋਈ ਯੋਜਨਾਬੰਦੀ ਵੀ ਤਾਂ ਹੋਣੀ ਚਾਹੀਦੀ ਸੀ। ਜੋ ਕੰਮ ਗੌਰਮਿੰਟ ਨੇ ਲੋਕਾਂ ਦੀ ਭਲਾਈ ਲਈ ਕੀਤਾ, ਉਸ ਵਿਚ ਉਨ੍ਹਾਂ ਦੀ ਭਲਾਈ ਘੱਟ ਅਤੇ ਭਕਾਈ ਜ਼ਿਆਦਾ ਹੋ ਗਈ। ਕਾਸ਼! ਕੋਈ ਉਨ੍ਹਾਂ ਹਾਕਮਾਂ ਦੇ ਕੰਨ ਵਿਚ ਇਹ ਗੱਲ ਪਾ ਦਿੰਦਾ ਪਰ ਕਦੋਂ? ਉਦੋਂ ਟਾਈਮ ਕਿਸਦੇ ਕੋਲ ਸੀ ਇਹ ਸਭ ਕੁਝ ਕਰਨ ਦਾ। ਟਾਈਮ ਸਾਹਮਣੇ ਕੰਧ ‘ਤੇ ਖੜ੍ਹਾ ਹੱਸ ਕਿਹਾ ਸੀ ਅਤੇ ਕਹਿ ਰਿਹਾ ਸੀ ਕਿ ਆਓ ਭੱਜ ਕੇ। ਜੇ ਮੈਨੂੰ ਫੜ ਸਕਦੇ ਹੋ ਤਾਂ ਫੜ ਲਓ। ਨਹੀਂ ਤਾਂ ਮੈਂ ਅਗਲੇ ਪਲ ਕਿਸੇ ਹੋਰ ਥਾਂ ‘ਤੇ ਕਿਸੇ ਹੋਰ ਦੇ ਵਿਹੜੇ ਵਿਚ ਹੋਵਾਂਗਾ।

 

ਲੇਖਕ : ਪ੍ਰੀਤਮਾ ਦੋਮੇਲ
ਸੰਪਰਕ: 99881-52523

ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ

  ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ

Read More »