ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰ
ਅਸੀਂ ਵਤਨ ਪਿਆਰੇ ਹਿੰਦ ਲਈ ਹੈ ਸਭ ਕੁਝ ਦਿੱਤਾ ਵਾਰ
ਪਰ ਸਾਰਾ ਕੁਝ ਵੀ ਵਾਰ ਕੇ ਅਸੀਂ ਕਿਉਂ ਹਾਂ ਖੱਜਲ ਖੁਆਰ?
ਤੂੰ ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰਸ਼
ਜਦੋਂ ਕਾਲੀ ਬੋਲੀ ਰਾਤ ਸੀ ਤੇ ਡਰਿਆ ਹਿੰਦੁਸਤਾਨ
ਜਦੋਂ ਜ਼ੁਲਮ ਸਿਤਮ ਦਾ ਰਾਜ ਸੀ ਤੇ ਔਰੰਗ ਸੀ ਸੁਲਤਾਨ
ਸਾਡੇ ਪਿਤਾ, ਪਿਤਾ ਖ਼ੁਦ ਵਾਰ ਕੇ ਸੀ ਪੁੱਤਰ ਵਾਰੇ ਚਾਰ
ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰਸ਼
ਜਦ ਪੈਰ ਸੀ ਪਈਆਂ ਬੇੜੀਆਂ ਮਾਂ ਭਾਰਤ ਹੋਈ ਗੁਲਾਮ
ਉਦੋਂ ਕੂਕਿਆਂ ਨੇ ਤੇ ਗਦਰੀਆਂ ਹੀ ਵਿੱਢਿਆ ਸੀ ਸੰਗਰਾਮ
ਉਸ ਵਿੱਚ ਵੀ ਦੇਸ ਪੰਜਾਬ ਦਾ ਸੀ ਆਹਲਾ ਉੱਚ ਮੁਕਾਮ
ਦਸਾਂ ‘ਚੋਂ ਨੌਂ ਸਿਰ ਇਨ੍ਹਾਂ ਨੇ ਸੀ ਦੇਸ ਤੋਂ ਦਿੱਤੇ ਵਾਰ
ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰਸ਼
ਜਦੋਂ ਥੁੜਿਆ ਰਿਜ਼ਕ ਤੇ ਅੰਨ ਸੀ ਉਦੋਂ ਭਰੇ ਸੀ ਅਸਾਂ ਭੰਡਾਰ
ਅਸੀਂ ਮਿੱਟੀ ਪਾਣੀ ਪੌਣ ਤੱਕ ਹੈ ਸਭ ਕੁਝ ਦਿੱਤਾ ਵਾਰ
ਸਾਡੇ ਕਿਰਮ ਕੀਟ ਤੇ ਪੰਖੀਆਂ ਵੀ ਖਾਧੀ ਡਾਹਢੀ ਮਾਰ
ਪਰ ਸਾਰਾ ਕੁਝ ਵੀ ਵਾਰ ਕੇ ਸਾਡਾ ਦਾਅਵਾ ਨਾ ਅਧਿਕਾਰ
ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰ
ਲੇਖਕ : ਹਰਵਿੰਦਰ ਸਿੰਘ