ਵੈਨਕੂਵਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਪਹੁੰਚਣ ਵਾਲੀ ਵੈਕਸੀਨ ਦੀ ਹੋਰ ਖੇਪ ਦਾ ਜ਼ਿਕਰ ਕਰਦਿਆਂ ਆਖਿਆ ਕਿ ਹੁਣ ਵੈਕਸੀਨੇਸ਼ਨ ਵਿੱਚ ਹੋਰ ਤੇਜ਼ੀ ਆ ਜਾਵੇਗੀ। ਪਰ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਕੁੱਝ ਕੈਨੇਡੀਅਨ ਸਰਕਾਰ ਦੇ ਇਸ ਪ੍ਰੋਟੈਕਸ਼ਨ ਟੀਚੇ ਉੱਤੇ ਯਕੀਨ ਨਹੀਂ ਕਰਦੇ।
ਵੈਕਸੀਨ ਦੀ ਡਲਿਵਰੀ ਵਿੱਚ ਪਿਛਲੇ ਕੁੱਝ ਕੁ ਹਫਤਿਆਂ ਵਿੱਚ ਵਾਧਾ ਹੋਇਆ ਹੈ, ਕੈਨੇਡਾ ਵਿੱਚ ਦੋ ਨਵੀਂਆਂ ਵੈਕਸੀਨਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਲੋਕ ਅਜੇ ਵੀ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ ਕਿ ਵੈਕਸੀਨ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ 52 ਫੀਸਦੀ ਕੈਨੇਡੀਅਨ ਇਹ ਨਹੀਂ ਮੰਨਦੇ ਕਿ ਕੈਨੇਡਾ ਆਪਣਾ ਟੀਚਾ ਪੂਰਾ ਕਰ ਲਵੇਗਾ ਜਦਕਿ 48 ਫੀਸਦੀ ਦਾ ਮੰਨਣਾ ਹੈ ਕਿ ਅਜਿਹਾ ਕਰ ਲਿਆ ਜਾਵੇਗਾ।
ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹ ਆਖ ਰਹੇ ਹਨ ਕਿ ਕੈਨੇਡਾ ਵਿੱਚ ਟੀਕਾਕਰਣ ਦੀ ਰਫਤਾਰ ਸਹੀ ਢੰਗ ਨਾਲ ਵਧ ਰਹੀ ਹੈ। ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਸਰਕਾਰ ਰੋਜ਼ਾਨਾ ਵੱਧ ਤੋ ਵੱਧ ਵੈਕਸੀਨ ਹਾਸਲ ਕਰਨ ਤੇ ਇਸ ਦੀਆਂ ਡੋਜ਼ਾਂ ਦੀ ਸਹੀ ਵੰਡ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ। ਟਰੂਡੋ ਨੇ ਆਖਿਆ ਕਿ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਅੱਧੀ ਮਿਲੀਅਨ ਡੋਜ਼ਾਂ ਪਿਛਲੇ ਹਫਤੇ ਡਲਿਵਰ ਹੋਈਆਂ ਤੇ ਪ੍ਰੋਵਿੰਸਾਂ ਨੂੰ ਵੰਡੀਆਂ ਗਈਆਂ।
ਇਸ ਮਹੀਨੇ ਐਸਟ੍ਰਾਜ਼ੈਨੇਕਾ ਦੀਆਂ 194,000 ਡੋਜ਼ਾਂ ਓਨਟਾਰੀਓ ਨੂੰ ਹਾਸਲ ਹੋਣ ਦੀ ਉਮੀਦ ਹੈ। ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੇ ਉਤਪਾਦਨ ਨਾਲ ਸਬੰਧਤ ਕੁੱਝ ਦਿੱਕਤਾਂ ਬਾਰੇ ਚੇਤਾਵਨੀ ਮਿਲੀ ਸੀ। ਜ਼ਿਕਰਯੋਗ ਹੈ ਕਿ ਇਹ ਵਾਇਰਲ ਵੈਕਟਰ ਵੈਕਸੀਨ ਜੇ ਐਂਡ ਜੇ ਦੀ ਸਬਸਿਡਰੀ ਜੈਨਸਨ ਫਾਰਮਾਸਿਊਟੀਕਲਜ਼ ਨੇ ਤਿਆਰ ਕੀਤੀ ਹੈ ਤੇ ਇਸ ਨੂੰ ਪਿਛਲੇ ਹਫਤੇ ਹੈਲਥ ਕੈਨੇਡਾ ਵੱਲੋ ਸੇਫ ਤੇ ਪ੍ਰਭਾਵਸ਼ਾਲੀ ਐਲਾਨਿਆ ਗਿਆ ਹੈ।

Leave a Reply

Your email address will not be published.